COVID-19 ਬੂਸਟਰ ਖੁਰਾਕਾਂ ਹੁਣ ਉਪਲਬਧ ਹਨ

ਇਸ਼ਤਿਹਾਰ
28 ਅਕਤੂਬਰ 2021 ਨੂੰ, ਆਸਟ੍ਰੇਲੀਆ ਦੀ ਸਰਕਾਰ ਨੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ COVID-19 ਟੀਕਾਕਰਨ ਬੂਸਟਰ ਖੁਰਾਕਾਂ ਬਾਰੇ ਘੋਸ਼ਣਾ ਕੀਤੀ।
ਬੂਸਟਰ ਪ੍ਰੋਗਰਾਮ, ਅਤੇ ਤੁਸੀਂ ਆਪਣੀ ਬੂਸਟਰ ਖੁਰਾਕ ਕਦੋਂ ਲੈ ਸਕਦੇ ਹੋ ਇਸ ਬਾਰੇ ਹੋਰ ਜਾਣਨ ਲਈ ਅੱਗੇ ਪੜ੍ਹੋ।
ਇਹ ਬੂਸਟਰ ਪ੍ਰੋਗਰਾਮ ਕਿਉਂ ਹੈ?
ਆਸਟ੍ਰੇਲੀਆ ਵਿੱਚ ਉਪਲਬਧ COVID-19 ਟੀਕਾਕਰਨ – ਵੈਕਸਜ਼ੇਵਰੀਆ (ਐਸਟ੍ਰਾਜ਼ੈਨੇਕਾ), ਕੋਮੀਰਨੈਟੀ (ਫਾਈਜ਼ਰ) ਅਤੇ ਸਪਾਈਕਵੈਕਸ (ਮੋਡਰਨਾ) – ਲੋਕਾਂ ਨੂੰ ਗੰਭੀਰ ਬੀਮਾਰੀਆਂ, ਹਸਪਤਾਲ ਜਾਣ ਅਤੇ ਮੌਤ ਤੋਂ ਬਚਾਉਣ ਲਈ ਬਹੁਤ ਪ੍ਰਭਾਵਸ਼ਾਲੀ ਹਨ। ਇਹਨਾਂ ਦਾ COVID-19 ਹੋਣ ਦੇ ਖਤਰੇ ਨੂੰ ਘਟਾਉਣ ਅਤੇ ਵਾਇਰਸ ਨੂੰ ਦੂਜਿਆਂ ਤੱਕ ਫੈਲਾਉਣ ਤੋਂ ਰੋਕਣ ਵਿੱਚ ਵੀ ਅਹਿਮ ਪ੍ਰਭਾਵ ਹੈ।
ਆਸਟ੍ਰੇਲੀਆ ਦੀ ਸਰਕਾਰ ਨੇ ਉਹਨਾਂ ਲੋਕਾਂ ਨੂੰ ਬੂਸਟਰ ਖੁਰਾਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਨ੍ਹਾਂ ਨੇ ਘੱਟੋ-ਘੱਟ ਛੇ ਮਹੀਨੇ ਪਹਿਲਾਂ ਆਪਣਾ ਦੋ-ਖੁਰਾਕਾਂ ਦਾ ਮੁੱਢਲਾ ਟੀਕਾਕਰਨ ਕੋਰਸ ਪੂਰਾ ਕੀਤਾ ਹੈ।
ਇਹ ਜਰੂਰੀ ਹੈ ਕਿ ਲੋਕ ਜਾਣਦੇ ਹੋਣ ਕਿ COVID-19 ਟੀਕਾਕਰਨ ਦੀਆਂ ਦੋ ਖੁਰਾਕਾਂ ਬਹੁਤ ਚੰਗੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ, ਖਾਸ ਤੌਰ ‘ਤੇ ਗੰਭੀਰ ਬੀਮਾਰੀਆਂ ਤੋਂ।
ਬੂਸਟਰ ਦੀ ਇਕ ਖੁਰਾਕ, ਦੂਜੀ ਖੁਰਾਕ ਤੋਂ ਛੇ ਜਾਂ ਵੱਧ ਮਹੀਨਿਆਂ ਬਾਅਦ, ਇਹ ਯਕੀਨੀ ਬਣਾਏਗੀ ਕਿ ਪਹਿਲੀ ਖੁਰਾਕ ਤੋਂ ਸੁਰੱਖਿਆ ਹੋਰ ਵੀ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਹੈ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਸਹਾਈ ਹੋਣੀ ਚਾਹੀਦੀ ਹੈ।
ਆਪਣੀ ਬੂਸਟਰ ਖੁਰਾਕ ਲੈਣ ਲਈ ਆਪਣੇ ਮੁੱਢਲੇ ਟੀਕਾਕਰਨ (ਕੋਰਸ) ਦੇ ਛੇ ਮਹੀਨੇ ਬੀਤ ਜਾਣ ਤੋਂ ਪਹਿਲਾਂ ਕੋਈ ਕਾਹਲੀ ਨਾ ਕਰੋ, ਭਾਵੇਂ ਤੁਸੀਂ ਵਿਦੇਸ਼ ਜਾ ਰਹੇ ਹੋ ਜਾਂ ਤੁਹਾਨੂੰ ਕੋਈ ਹੋਰ ਚਿੰਤਾਵਾਂ ਹਨ। ਤੁਸੀਂ ਭਰੋਸਾ ਰੱਖ ਸਕਦੇ ਹੋ ਕਿ ਤੁਹਾਡਾ ਦੋ-ਖੁਰਾਕਾਂ ਦਾ ਟੀਕਾਕਰਨ ਤੁਹਾਨੂੰ ਘੱਟੋ-ਘੱਟ ਛੇ ਮਹੀਨਿਆਂ ਲਈ ਪੂਰੀ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ।
ਮੈਂ ਆਪਣੀ COVID-19 ਟੀਕਾਕਰਨ ਬੂਸਟਰ ਖੁਰਾਕ ਕਿਵੇਂ ਲਗਵਾਵਾਂ?
COVID-19 ਟੀਕਾਕਰਨ ਆਸਟ੍ਰੇਲੀਆ ਵਿੱਚ ਹਰ ਕਿਸੇ ਲਈ ਮੁਫ਼ਤ ਹੈ। ਇਸ ਵਿੱਚ ਬੂਸਟਰ ਖੁਰਾਕਾਂ ਸ਼ਾਮਲ ਹਨ।
ਤੁਸੀਂ ਆਪਣੀ COVID-19 ਟੀਕਾਕਰਨ ਬੂਸਟਰ ਖੁਰਾਕ ਲੈਣ ਲਈ ਡਾਕਟਰ, ਸਰਕਾਰੀ ਟੀਕਾਕਰਨ ਕਲੀਨਿਕ, ਜਾਂ ਭਾਗ ਲੈਣ ਵਾਲੀ ਫਾਰਮੇਸੀ ਵਿੱਚ ਜਾ ਸਕਦੇ ਹੋ।
ਆਪਣੀ COVID-19 ਟੀਕਾਕਰਨ ਬੂਸਟਰ ਖੁਰਾਕ ਲਈ ਔਪਾਇੰਟਮੈਂਟ ਬੁੱਕ ਕਰਨ ਲਈ, australia.gov.au ‘ਤੇ ਜਾਓ, ਜਾਂ 1800 020 080 ‘ਤੇ ਫ਼ੋਨ ਕਰੋ। ਦੁਭਾਸ਼ੀਆ ਸੇਵਾਵਾਂ ਲਈ, 131 450 ‘ਤੇ ਫ਼ੋਨ ਕਰੋ।
ਜੇਕਰ ਤੁਹਾਨੂੰ ਯਾਦ ਨਹੀਂ ਹੈ ਕਿ ਤੁਸੀਂ ਆਪਣੀ ਦੂਜੀ ਖੁਰਾਕ ਕਦੋਂ ਲਈ ਸੀ, ਤਾਂ ਤੁਸੀਂ ਉਹ ਵੇਰਵੇ ਆਪਣੇ COVID-19 ਟੀਕਾਕਰਨ ਸਰਟੀਫਿਕੇਟ ‘ਤੇ ਵੇਖ ਸਕਦੇ ਹੋ। ਆਪਣੇ ਸਰਟੀਫਿਕੇਟ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਇਸ ਬਾਰੇ ਜਾਣਕਾਰੀ ਲਈ servicesaustralia.gov.au ‘ਤੇ ਜਾਓ। ਜਾਂ, ਜੇ ਤੁਸੀਂ ਆਪਣੇ ਡਾਕਟਰ ਤੋਂ ਆਪਣੀ ਦੂਜੀ ਖੁਰਾਕ ਲਗਵਾਈ ਹੈ, ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ।
ਬੂਸਟਰ ਖੁਰਾਕਾਂ ਅਤੇ ਤੀਜੀ ਖੁਰਾਕ ਵਿੱਚ ਕੀ ਫਰਕ ਹੈ?
ਆਸਟ੍ਰੇਲੀਆ ਦੇ ਟੀਕਾਕਰਨ ਮਾਹਿਰ, ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ (ਏ ਟੀ ਏ ਜੀ ਆਈ), 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਲਈ COVID-19 ਟੀਕਾਕਰਨ ਦੀ ਤੀਜੀ ਖੁਰਾਕ ਦੀ ਸਿਫ਼ਾਰਸ਼ ਕਰਦੇ ਹਨ, ਜੋ ਗੰਭੀਰ ਰੂਪ ਤੋਂ ਇਮਿਊਨੋਕੰਪਰੋਮਾਈਜ਼ਡ (ਪ੍ਰਤੀਰੋਧਕ ਪ੍ਰਣਾਲੀ ਦਾ ਕਮਜ਼ੋਰ ਹੋਣਾ) ਹਨ। ਜਿਹੜੇ ਲੋਕ ਗੰਭੀਰ ਤੌਰ ‘ਤੇ ਇਮਿਊਨੋ-ਕੰਪਰੋਮਾਈਜ਼ਡ ਹੁੰਦੇ ਹਨ, ਉਨ੍ਹਾਂ ਦੀ ਪ੍ਰਤੀਰੋਧ ਸ਼ਕਤੀ ਬਾਕੀ ਦੀ ਆਬਾਦੀ ਨਾਲੋਂ ਘੱਟ ਹੁੰਦੀ ਹੈ। ਉਹਨਾਂ ਨੂੰ ਉਹੀ ਸੁਰੱਖਿਆ ਪ੍ਰਾਪਤ ਕਰਨ ਲਈ ਇਸ ਤੀਜੀ ਖੁਰਾਕ ਦੀ ਲੋੜ ਹੁੰਦੀ ਹੈ ਜੋ ਦੂਜਿਆਂ ਨੂੰ ਦੋ ਖੁਰਾਕਾਂ ਤੋਂ ਪ੍ਰਾਪਤ ਹੁੰਦੀ ਹੈ।
ਜਿਹੜੇ ਲੋਕ ਤੀਜੀ ਖੁਰਾਕ ਲਈ ਯੋਗ ਹਨ, ਉਹਨਾਂ ਨੂੰ ਇਹ ਉਹਨਾਂ ਦੇ ਮੁੱਢਲੇ ਕੋਰਸ ਦੇ ਹਿੱਸੇ ਵਜੋਂ, COVID-19 ਟੀਕਾਕਰਨ ਦੀ ਉਹਨਾਂ ਦੀ ਦੂਜੀ ਖੁਰਾਕ ਤੋਂ ਬਾਅਦ ਦੋ ਤੋਂ ਛੇ ਮਹੀਨਿਆਂ ਦੇ ਵਿਚਕਾਰ ਲੈਣੀ ਚਾਹੀਦੀ ਹੈ।
COVID-19 ਟੀਕਾਕਰਨ ਦੀ ਤੀਜੀ ਖੁਰਾਕ COVID-19 ਬੂਸਟਰ ਖੁਰਾਕ ਤੋਂ ਵੱਖਰੀ ਹੈ। ਵਰਤਮਾਨ ਵਿੱਚ ਬੂਸਟਰ ਖੁਰਾਕਾਂ ਦੀ ਉਹਨਾਂ ਲੋਕਾਂ ਲਈ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਜੋ ਗੰਭੀਰ ਤੌਰ ‘ਤੇ ਇਮਿਊਨੋ-ਕੰਪਰੋਮਾਈਜ਼ਡ (ਪ੍ਰਤੀਰੋਧਕ ਪ੍ਰਣਾਲੀ ਦਾ ਕਮਜ਼ੋਰ ਹੋਣਾ) ਹਨ ਅਤੇ ਜਿਨ੍ਹਾਂ ਨੇ COVID-19 ਟੀਕਾਕਰਨ ਦਾ ਤਿੰਨ-ਖੁਰਾਕਾਂ ਦਾ ਮੁੱਢਲਾ ਕੋਰਸ ਕੀਤਾ ਹੈ।
ਮੈਂ ਹੋਰ ਜਾਣਕਾਰੀ ਲਈ ਕਿੱਥੇ ਜਾਵਾਂ?
ਭਰੋਸੇਯੋਗ ਅਤੇ ਅਧਿਕਾਰਤ ਸਰੋਤਾਂ ਰਾਹੀਂ COVID-19 ਟੀਕਾਕਰਨ ਪ੍ਰੋਗਰਾਮ ਬਾਰੇ ਸੂਚਿਤ ਰਹਿਣਾ ਮਹੱਤਵਪੂਰਨ ਹੈ।
ਆਪਣੀ ਭਾਸ਼ਾ ਵਿੱਚ ਹੋਰ ਜਾਣਕਾਰੀ ਲਈ health.gov.au/covid19-vaccines-languages ‘ਤੇ ਜਾਓ। ਤੁਸੀਂ ਨੈਸ਼ਨਲ ਕਰੋਨਾਵਾਇਰਸ ਅਤੇ COVID-19 ਵੈਕਸੀਨ ਹੈਲਪਲਾਈਨ ਨੂੰ 1800 020 080 ‘ਤੇ ਵੀ ਫ਼ੋਨ ਕਰ ਸਕਦੇ ਹੋ। ਦੁਭਾਸ਼ੀਏ ਦੀਆਂ ਸੇਵਾਵਾਂ ਲਈ, 131 450 ‘ਤੇ ਫ਼ੋਨ ਕਰੋ।
ਆਸਟਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ