COVID-19 ਵੈਕਸੀਨ ਲੋਕਾਂ ਨੂੰ ਲਗਾਉਣ (ਰੋਲਆਊਟ) ਲਈ ਨਵੀਨਤਮ ਜਾਣਕਾਰੀ
ਇਸ਼ਤਿਹਾਰ
ਆਸਟ੍ਰੇਲੀਆ ਦੇ COVID-19 ਟੀਕਾਕਰਨ ਦੇ ਪ੍ਰੋਗਰਾਮ ਨੂੰ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਤੱਕ ਵਧਾ ਦਿੱਤਾ ਗਿਆ ਹੈ। ਇਹ ਇਸ ਲਈ ਹੈ ਕਿਉਂਕਿ ਆਸਟ੍ਰੇਲੀਆ ਦੀ ਸਰਕਾਰ ਨੇ ਆਸਟ੍ਰੇਲੀਆ ਦੇ ਟੀਕਾਕਰਨ ਮਾਹਿਰਾਂ, ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ਏ ਟੀ ਏ ਜੀ ਆਈ) ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ।
ਏ ਟੀ ਏ ਜੀ ਆਈ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ COVID-19 ਟੀਕਿਆਂ ਦੀ ਬੂਸਟਰ ਖੁਰਾਕ ਦੀ ਵੀ ਸਿਫ਼ਾਰਸ਼ ਕਰਦਾ ਹੈ।
ਇਹ ਜਾਣਨ ਲਈ ਅੱਗੇ ਪੜ੍ਹੋ ਕਿ ਤੁਹਾਡੇ ਬੱਚਿਆਂ ਦਾ ਟੀਕਾਕਰਨ ਕਰਨਾ ਜਰੂਰੀ ਕਿਉਂ ਹੈ, ਅਤੇ ਬੂਸਟਰ ਖੁਰਾਕਾਂ COVID-19 ਦੇ ਵਿਰੁੱਧ ਤੁਹਾਡੀ ਸੁਰੱਖਿਆ ਨੂੰ ਬਣਾਈ ਰੱਖਣ ਵਿੱਚ ਕਿਵੇਂ ਮਦਦ ਕਰਨਗੀਆਂ।
COVID-19 ਲਈ 5 ਤੋਂ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਕਰਨਾ ਜ਼ਰੂਰੀ ਕਿਉਂ ਹੈ?
5 ਦਸੰਬਰ 2021 ਨੂੰ, ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ ਜੀ ਏ) ਨੇ ਅਸਥਾਈ ਤੌਰ ‘ਤੇ ਆਸਟ੍ਰੇਲੀਆ ਵਿੱਚ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵਰਤਣ ਲਈ ਬਾਲ ਚਿਕਿਤਸਕ ਕੋਮੀਰਨੈਟੀ (ਫਾਈਜ਼ਰ) ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ। ਟੀ ਜੀ ਏ ਉਹ ਵਿਗਿਆਨੀ ਅਤੇ ਡਾਕਟਰੀ ਮਾਹਰ ਹਨ ਜੋ ਆਸਟ੍ਰੇਲੀਆ ਵਿੱਚ ਵਰਤੋਂ ਲਈ ਸਾਰੀਆਂ ਵੈਕਸੀਨਾਂ, ਦਵਾਈਆਂ ਅਤੇ ਹੋਰ ਮੈਡੀਕਲ ਉਤਪਾਦਾਂ ਨੂੰ ਨਿਯੰਤ੍ਰਿਤ ਕਰਦੇ ਅਤੇ ਮਨਜ਼ੂਰੀ ਦਿੰਦੇ ਹਨ।
ਟੀ ਜੀ ਏ ਦੀ ਅਸਥਾਈ ਪ੍ਰਵਾਨਗੀ ਇਸ ਉਮਰ ਸਮੂਹ ਵਿੱਚ ਫਾਈਜ਼ਰ ਟੀਕਾਕਰਨ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਕੀਤਾ ਗਿਆ ਸਮਰਥਨ, ਉਪਲਬਧ ਡੈਟੇ ਦੇ ਧਿਆਨ ਨਾਲ ਕੀਤੇ ਮੁਲਾਂਕਣ ‘ਤੇ ਅਧਾਰਤ ਸੀ।
ਬੱਚਿਆਂ ਨੂੰ COVID-19 ਤੋਂ ਬਹੁਤ ਜ਼ਿਆਦਾ ਬਿਮਾਰ ਹੋਣ ਤੋਂ ਬਚਾਉਣ ਲਈ ਟੀਕਾਕਰਨ ਕਰਵਾਉਣਾ ਸਭ ਤੋਂ ਵਧੀਆ ਤਰੀਕਾ ਹੈ। ਇਹ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਅਤੇ ਭਾਈਚਾਰੇ ਵਿੱਚ COVID-19 ਫੈਲਾਉਣ ਦੀ ਸੰਭਾਵਨਾ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਹ ਬੱਚਿਆਂ ਨੂੰ ਸਕੂਲ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵਿਘਨਾਂ ਦੇ ਬਿਨਾਂ ਆਮ ਜੀਵਨ ਵਿੱਚ ਵਾਪਸ ਆਉਣ ਵਿੱਚ ਵੀ ਮਦਦ ਕਰੇਗਾ।
ਜੇਕਰ ਤੁਸੀਂ ਮਾਤਾ-ਪਿਤਾ, ਦੇਖਭਾਲ ਕਰਨ ਵਾਲੇ, ਜਾਂ ਸਰਪ੍ਰਸਤ ਹੋ, ਤਾਂ ਤੁਸੀਂ ਆਪਣੇ ਬੱਚਿਆਂ ਨੂੰ COVID-19 ਦੇ ਵਿਰੁੱਧ ਟੀਕਾਕਰਨ ਕਰਵਾਉਣ ਵਿੱਚ ਭਰੋਸਾ ਰੱਖ ਸਕਦੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੋਵੇਗੀ।
ਬੱਚੇ ਡਾਕਟਰਾਂ ਦੇ ਕਲੀਨਿਕਾਂ, ਸਰਕਾਰੀ ਟੀਕਾਕਰਨ ਕਲੀਨਿਕਾਂ, ਅਤੇ ਹਿੱਸਾ ਲੈਣ ਵਾਲੀਆਂ ਫਾਰਮੇਸੀਆਂ ਵਿੱਚ ਆਪਣਾ ਮੁਫਤ ਟੀਕਾਕਰਨ ਪ੍ਰਾਪਤ ਕਰਨ ਦੇ ਯੋਗ ਹੋਣਗੇ।
10 ਜਨਵਰੀ 2022 ਤੋਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਲਾਕਾਤਾਂ ਉਪਲਬਧ ਹਨ। ਸਥਾਨਕ ਟੀਕਾਕਰਨ ਪ੍ਰਦਾਤਾ ਦੀ ਭਾਲ ਕਰੋ ਅਤੇ australia.gov.au ‘ਤੇ ਮੁਲਾਕਾਤ ਬੁੱਕ ਕਰੋ, ਜਾਂ 1800 020 080 ‘ਤੇ ਫ਼ੋਨ ਕਰੋ। ਦੁਭਾਸ਼ੀਏ ਦੀਆਂ ਸੇਵਾਵਾਂ ਲਈ 131 450 ‘ਤੇ ਫ਼ੋਨ ਕਰੋ।
COVID-19 ਟੀਕਾਕਰਨ ਦੀ ਬੂਸਟਰ ਖੁਰਾਕਾਂ ਦੀ ਮਹੱਤਤਾ
ਆਸਟ੍ਰੇਲੀਆ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ COVID-19 ਦੇ ਵਿਰੁੱਧ ਵੱਧ ਤੋਂ ਵੱਧ ਸੁਰੱਖਿਆ ਬਣਾਈ ਰੱਖਣ ਲਈ COVID-19 ਟੀਕਾਕਰਨ ਦੀ ਬੂਸਟਰ ਖੁਰਾਕ ਤੱਕ ਪਹੁੰਚ ਕਰ ਸਕਦੇ ਹਨ।
COVID-19 ਟੀਕਾਕਰਨ ਦੀਆਂ ਦੋ ਖੁਰਾਕਾਂ ਬਹੁਤ ਚੰਗੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ, ਖਾਸ ਕਰਕੇ ਗੰਭੀਰ ਬੀਮਾਰੀਆਂ ਤੋਂ। ਇੱਕ ਬੂਸਟਰ ਖੁਰਾਕ ਇਹ ਯਕੀਨੀ ਬਣਾਏਗੀ ਕਿ ਪਹਿਲੀਆਂ ਦੋ ਖੁਰਾਕਾਂ ਤੋਂ ਸੁਰੱਖਿਆ ਹੋਰ ਵੀ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਹੈ। ਇਹ COVID-19 ਵਾਲੇ ਵਾਇਰਸ ਦੀ ਲਾਗ ਤੋਂ, ਗੰਭੀਰ ਬਿਮਾਰੀ, ਅਤੇ COVID-19 ਤੋਂ ਮਰਨ ਦੀ ਸੰਭਾਵਨਾ ਤੋਂ ਤੁਹਾਡੀ ਸੁਰੱਖਿਆ ਨੂੰ ਵਧਾਉਂਦਾ ਹੈ। ਇਕ ਬੂਸਟਰ ਖੁਰਾਕ ਤੁਹਾਨੂੰ, ਤੁਹਾਡੇ ਪਿਆਰਿਆਂ ਅਤੇ ਤੁਹਾਡੇ ਭਾਈਚਾਰੇ ਨੂੰ COVID-19 ਦੇ ਖਿਲਾਫ਼ ਲਗਾਤਾਰ ਬਚਾਅ ਕੇ ਰੱਖੇਗੀ।
ਫਾਈਜ਼ਰ ਅਤੇ ਮੋਡਰਨਾ ਦੀਆਂ ਬੂਸਟਰ ਖੁਰਾਕਾਂ ਮੁਫਤ ਹਨ ਅਤੇ ਡਾਕਟਰਾਂ, ਹਿੱਸਾ ਲੈਣ ਵਾਲੀਆਂ ਫਾਰਮੇਸੀਆਂ ਅਤੇ ਸਰਕਾਰੀ ਟੀਕਾਕਰਨ ਕਲੀਨਿਕਾਂ ਰਾਹੀਂ ਉਪਲਬਧ ਹਨ।
ਬੂਸਟਰ ਖੁਰਾਕਾਂ ਦੀ ਹੁਣ ਗੰਭੀਰ ਤੌਰ ‘ਤੇ ਇਮਿਊਨੋਕੰਪਰੋਮਾਈਜ਼ਡ (ਕਮਜ਼ੋਰ ਪ੍ਰਤੀਰੋਧਕ ਪ੍ਰਣਾਲੀ ਵਾਲੇ) ਲੋਕਾਂ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਜੇਕਰ ਤੁਸੀਂ COVID-19 ਟੀਕਾਕਰਨ ਦੀ ਆਪਣੀ ਤੀਜੀ ਖੁਰਾਕ ਲਗਵਾ ਲਈ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੀ ਬੂਸਟਰ ਖੁਰਾਕ ਆਪਣੀ ਤੀਜੀ ਖੁਰਾਕ ਤੋਂ 4 ਮਹੀਨੇ ਬਾਅਦ ਲਗਵਾਓ। 31 ਜਨਵਰੀ 2022 ਤੋਂ, ਤੁਸੀਂ ਆਪਣੀ ਤੀਜੀ ਖੁਰਾਕ ਤੋਂ 3 ਮਹੀਨਿਆਂ ਬਾਅਦ ਆਪਣੀ ਬੂਸਟਰ ਖੁਰਾਕ ਲਗਵਾਉਣ ਦੇ ਯੋਗ ਹੋਵੋਗੇ।
ਤੁਸੀਂ COVID-19 ਟੀਕਾਕਰਨ ਬੂਸਟਰ ਪ੍ਰੋਗਰਾਮ ਬਾਰੇ ਹੋਰ ਪਤਾ ਲਗਾ ਸਕਦੇ ਹੋ ਅਤੇ australia.gov.au ‘ਤੇ ਜਾ ਕੇ ਜਾਂ 1800 020 080 ‘ਤੇ ਫ਼ੋਨ ਕਰਕੇ ਦੇਖ ਸਕਦੇ ਹੋ ਕਿ ਤੁਸੀਂ ਆਪਣੀ ਬੂਸਟਰ ਖੁਰਾਕ ਕਦੋਂ ਬੁੱਕ ਕਰ ਸਕਦੇ ਹੋ। ਦੁਭਾਸ਼ੀਏ ਦੀਆਂ ਸੇਵਾਵਾਂ ਲਈ, 131 450 ‘ਤੇ ਫ਼ੋਨ ਕਰੋ।
ਆਸਟਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ