ਲੰਬਾ COVID-19 ਕੀ ਹੈ, ਅਤੇ ਮੈਂ ਆਪਣੀ ਅਤੇ ਆਪਣੇ ਭਾਈਚਾਰੇ ਦੀ ਰੱਖਿਆ ਕਿਵੇਂ ਕਰ ਸਕਦਾ ਹਾਂ?
ਇਸ਼ਤਿਹਾਰ
COVID-19 ਤੋਂ ਬਾਅਦ ਠੀਕ ਹੋਣ ਵਿੱਚ ਲੱਗਣ ਵਾਲਾ ਸਮਾਂ ਹਰ ਕਿਸੇ ਲਈ ਵੱਖਰਾ ਹੁੰਦਾ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਹ COVID-19 ਨਾਲ ਕਿੰਨੇ ਜਿਆਦਾ ਬਿਮਾਰ ਸਨ ਅਤੇ ਜੇਕਰ ਉਨ੍ਹਾਂ ਨੂੰ ਪਹਿਲਾਂ ਤੋਂ ਮੌਜੂਦ ਕੋਈ ਹੋਰ ਸਿਹਤ ਸਮੱਸਿਆਵਾਂ ਸਨ। ਕੁਝ ਲੋਕ COVID-19 ਹੋਣ ਤੋਂ ਬਾਅਦ ਲਗਾਤਾਰ ਲੱਛਣਾਂ ਦਾ ਅਨੁਭਵ ਕਰਦੇ ਹਨ। COVID-19 ਦੇ ਹਲਕੇ ਮਾਮਲਿਆਂ ਦਾ ਵੀ ਲੋਕਾਂ ਦੀ ਸਿਹਤ ‘ਤੇ ਸਥਾਈ ਪ੍ਰਭਾਵ ਪੈ ਸਕਦਾ ਹੈ।
COVID ਦੇ ਲੰਬੇ ਪ੍ਰਭਾਵਾਂ ਬਾਰੇ ਅਤੇ ਤੁਹਾਡੇ ਅਤੇ ਤੁਹਾਡੇ ਭਾਈਚਾਰੇ ਲਈ ਇਸਦਾ ਕੀ ਅਰਥ ਹੈ, ਬਾਰੇ ਜਾਣਨ ਲਈ ਅੱਗੇ ਪੜ੍ਹਦੇ ਰਹੋ।
ਲੰਬਾ COVID ਕੀ ਹੈ ?
ਲੰਬਾ COVID ਉਹ ਹੁੰਦਾ ਹੈ ਜਿੱਥੇ ਕਿਸੇ ਵਿਅਕਤੀ ਦੇ COVID-19 ਦੇ ਲੱਛਣ ਪਹਿਲੀ ਵਾਰ COVID-19 ਦੀ ਲਾਗ ਲੱਗਣ ਤੋਂ ਬਾਅਦ ਚਾਰ ਹਫ਼ਤਿਆਂ ਜਾਂ ਇਸ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ। ਲੰਬਾ COVID ਕਈ ਹਫ਼ਤਿਆਂ ਅਤੇ ਮਹੀਨਿਆਂ ਤੱਕ ਰਹਿ ਸਕਦਾ ਹੈ, ਭਾਵੇਂ ਉਸ ਵਿਅਕਤੀ ਵਿਚ ਵਾਇਰਸ ਹੁਣ ਨਾ ਵੀ ਹੋਵੇ।
ਲੰਬੇ COVID ਦੇ ਲੱਛਣ ਹਰੇਕ ਵਿਅਕਤੀ ਲਈ ਵੱਖਰੇ ਹੋ ਸਕਦੇ ਹਨ। ਆਮ ਲੱਛਣਾਂ ਵਿੱਚ ਸ਼ਾਮਲ ਹਨ:
- ਥਕਾਵਟ
- ਸਾਹ ਲੈਣ ਵਿੱਚ ਮੁਸ਼ਕਲ
- ਲਗਾਤਾਰ ਖੰਘ
- ਛਾਤੀ ਵਿੱਚ ਦਰਦ
- ਜੋੜਾਂ ਦਾ ਦਰਦ
- ਕਸਰਤ ਕਰਨ ਲਈ ਲੋੜੀਂਦੀ ਤਾਕਤ ਨਹੀਂ ਹੈ
- ਬੁਖ਼ਾਰ
- ਸਿਰ ਦਰਦ
- ਯਾਦਦਾਸ਼ਤ ਨਾਲ ਸਮੱਸਿਆਵਾਂ ਅਤੇ ਸਪਸ਼ਟ ਤੌਰ ‘ਤੇ ਸੋਚਣ ਵਿੱਚ ਮੁਸ਼ਕਲ (‘ਦਿਮਾਗ ਦਾ ਧੁੰਦਲਾਪਨ’)
- ਉਦਾਸੀ ਜਾਂ ਚਿੰਤਾ।
COVID-19 ਦੇ ਲੰਬੇ ਸਮੇਂ ਵਿਚ ਹੋਣ ਵਾਲੇ ਬਹੁਤ ਸਾਰੇ ਮਾੜੇ ਪ੍ਰਭਾਵ ਅਜੇ ਵੀ ਪਤਾ ਨਹੀਂ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਆਪ ਨੂੰ COVID-19 ਵਾਇਰਸ ਦੀ ਲਾਗ ਲੱਗਣ ਤੋਂ ਬਚਾਉਣ ਲਈ ਉਹ ਸਭ ਕੁਝ ਕਰੋ ਜੋ ਤੁਸੀਂ ਕਰ ਸਕਦੇ ਹੋ, ਜਿਸ ਵਿੱਚ ਆਪਣਾ COVID-19 ਟੀਕਾਕਰਨ ਕਰਵਾਉਣਾ ਅਤੇ ਉਸ ਨਾਲ ਪੂਰੇ ਬਣੇ ਰਹਿਣਾ ਸ਼ਾਮਲ ਹੈ।
ਲੰਬਾ COVID ਕਿਸ ਨੂੰ ਹੋ ਸਕਦਾ ਹੈ ?
ਲੰਬਾ COVID ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਜਿਸ ਨੂੰ COVID-19 ਦੀ ਲਾਗ ਲੱਗੀ ਹੈ। ਆਸਟ੍ਰੇਲੀਆ ਅਤੇ ਦੁਨੀਆਂ ਭਰ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਨ ਅਤੇ ਬਿਹਤਰ ਢੰਗ ਨਾਲ ਸਮਝਣ ਲਈ ਖੋਜ ਚੱਲ ਰਹੀ ਹੈ ਕਿ ਲੰਬੇ ਸਮੇਂ ਦੇ COVID ਦੇ ਲੱਛਣਾਂ ਦੇ ਵਿਕਾਸ ਦੇ ਜੋਖਮ ਦਾ ਕਿਨ੍ਹਾਂ ਨੂੰ ਵੱਧ ਖ਼ਤਰਾ ਹੈ।
ਜਿਨ੍ਹਾਂ ਲੋਕਾਂ ਨੂੰ COVID-19 ਦੀ ਹਲਕੀ ਲਾਗ ਲੱਗੀ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਪਈ ਸੀ, ਉਹ ਹਾਲੇ ਵੀ ਲੰਬੇ COVID ਤੋਂ ਪੀੜਤ ਹੋ ਸਕਦੇ ਹਨ। ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ 3 ਵਿੱਚੋਂ 1 ਵਿਅਕਤੀ ਜਿਨ੍ਹਾਂ ਨੂੰ COVID ਹੋਇਆ ਹੈ, ਸੰਭਾਵੀ ਤੌਰ ‘ਤੇ ਲੰਬੇ ਸਮੇਂ ਦੇ ਕੋਵਿਡ ਨਾਲ ਪ੍ਰਭਾਵਿਤ ਹੁੰਦੇ ਹਨ। ਇਹ ਪਤਾ ਲਗਾਉਣ ਲਈ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ ਹਨ, ਅਤੇ ਇਸਦਾ ਇਲਾਜ ਕਰਨ ਅਤੇ ਇਸ ਨੂੰ ਘਟਾਉਣ ਦੇ ਸਭ ਤੋਂ ਵਧੀਆ ਤਰੀਕੇ ਲੱਭਣ ਲਈ ਮਾਹਰ ਲੰਬੇ ਸਮੇਂ ਦੇ COVID ਦਾ ਅਧਿਐਨ ਕਰਨਾ ਜਾਰੀ ਰੱਖਦੇ ਹਨ।
ਮੈਂ ਆਪਣੀ ਅਤੇ ਆਪਣੇ ਭਾਈਚਾਰੇ ਦੀ ਰੱਖਿਆ ਕਿਵੇਂ ਕਰਾਂ ?
COVID-19 ਟੀਕੇ ਲੰਬੇ ਸਮੇਂ ਦੇ COVID ਦਾ ਅਨੁਭਵ ਕਰਨ ਦੀ ਸੰਭਾਵਨਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਆਪ ਨੂੰ ਲੰਬੇ ਸਮੇਂ ਦੇ COVID-19 ਤੋਂ ਬਚਾਉਣ ਵਿੱਚ ਮਦਦ ਕਰਨ ਲਈ ਆਪਣੇ COVID-19 ਟੀਕਿਆਂ ਨਾਲ ਪੂਰੇ ਬਣੇ ਰਹਿੰਦੇ ਹੋ।
ਤੁਸੀਂ ਆਪਣੇ ਆਪ ਨੂੰ ਟੀਕਾ ਲਗਵਾ ਕੇ ਅਤੇ COVID ਸੁਰੱਖਿਅਤ ਅਭਿਆਸਾਂ, ਜਿਵੇਂ ਕਿ ਦੂਜਿਆਂ ਤੋਂ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਅਤੇ ਸਹੀ ਢੰਗ ਨਾਲ ਮਾਸਕ ਪਹਿਨਣਾ ਜਾਰੀ ਰੱਖ ਕੇ COVID-19 ਦੇ ਫੈਲਣ ਨੂੰ ਹੌਲੀ ਕਰਨ ਵਿੱਚ ਮਦਦ ਕਰ ਸਕਦੇ ਹੋ। ਇਸ ਨਾਲ COVID-19 ਦੀ ਲਾਗ ਘੱਟ ਲੋਕਾਂ ਨੂੰ ਲੱਗਦੀ ਹੈ, ਜਿਸ ਨਾਲ ਲੰਬੇ ਸਮੇਂ ਦੇ COVID ਦਾ ਅਨੁਭਵ ਕਰਨ ਵਾਲੇ ਲੋਕਾਂ ਦੀ ਗਿਣਤੀ ਘਟ ਜਾਂਦੀ ਹੈ।
ਜੇ ਕੁਝ ਹਫ਼ਤੇ ਪਹਿਲਾਂ ਤੁਹਾਡਾ COVID-19 ਦਾ ਟੈਸਟ ਪਾਜ਼ਿਟਿਵ ਆਇਆ ਸੀ, ਅਤੇ ਤੁਸੀਂ ਅਜੇ ਵੀ ਬਿਮਾਰ ਮਹਿਸੂਸ ਕਰ ਰਹੇ ਹੋ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।
ਜੇਕਰ ਤੁਸੀਂ ਆਪਣੇ ਲੱਛਣਾਂ ਨੂੰ ਲੈ ਕੇ ਚਿੰਤਤ ਹੋ ਜਾਂ ਤੁਹਾਨੂੰ ਹੋਰ ਜਾਣਕਾਰੀ ਦੀ ਲੋੜ ਹੈ, ਤਾਂ health.gov.au ‘ਤੇ ਜਾਓ ਜਾਂ ਨੈਸ਼ਨਲ ਕਰੋਨਾਵਾਇਰਸ ਹੈਲਪਲਾਈਨ ਨੂੰ 1800 020 080 ‘ਤੇ ਫ਼ੋਨ ਕਰੋ। ਮੁਫ਼ਤ ਦੁਭਾਸ਼ੀਏ ਦੀਆਂ ਸੇਵਾਵਾਂ ਲਈ ਵਿਕਲਪ 8 ਦੀ ਚੋਣ ਕਰੋ।
ਆਸਟਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ